ਸ਼ਿਵ ਕੁਮਾਰ ਨਾਲ ਮੇਰੀਆਂ ਸੱਤ ਮੁਲਾਕਾਤਾਂ..........( ਸ਼ਿਵ ਕੁਮਾਰ ਬਟਾਲਵੀ ਜੀ ਦੇ ਜੀਵਨ ਬਾਰੇ
ਸੁਰਜੀਤ ਪਾਤਰ ਸਾਹਬ ਦਾ ਤਜਰਬਾ )
ਸ਼ਿਵ ਨਾਲ ਮੇਰੀਆਂ ਗਿਣਤੀ ਦੀਆਂ ਮੁਲਾਕਾਤਾਂ ਹੋਈਆਂ | ਜਦੋਂ ਕਦੀ ਮੈਂ ਕਲਾਸ ਵਿਚ ਸ਼ਿਵ
ਦੀ ਸ਼ਾਇਰੀ ਪੜ੍ਹਾਉਂਦਾ ਤਾਂ ਵਿਦਿਆਰਥੀ ਮੈਂਨੂੰ ਕਹਿੰਦੇ : ਸਰ ਕੋਈ ਸ਼ਿਵ ਦੀ ਗੱਲ
ਸੁਣਾਓ | ਉਦੋਂ ਮੇਰਾ ਜੀ ਕਰਦਾ ਕਾਸ਼ ਮੈਂ ਸ਼ਿਵ ਨੂੰ ਕੁਝ ਹੋਰ ਮਿਲਿਆ ਹੁੰਦਾ | ਪਰ
ਸ਼ਿਵ ਦੇ ਜੀਉਂਦੇ ਜੀਅ ਇਹ ਨਹੀਂ ਪਤਾ ਸੀ ਕਿ ਉਹ ਏਨੀ ਜਲਦੀ ਤੁਰ ਜਾਵੇਗਾ | ਉਸ ਦੀ
ਕਵਿਤਾ :
ਅਸੀਂ ਤੇ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸੀਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾ
ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ
ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ
ਨੂੰ ਅਸੀਂ ਕਵਿਤਾ ਤਾਂ ਸਮਝਦੇ ਸੀ, ਪੇਸ਼ੀਨਗੋਈ ਨਹੀਂ ਸੀ ਸਮਝਦੇ |
ਪਤਾ ਨਹੀਂ ਉਹ ਮਰ ਕੇ ਫੁੱਲ ਬਣਿਆ ਜਾਂ ਤਾਰਾ ਪਰ ਮੈਂ ਉਸ ਨੂੰ ਜਿਉਂਦੇ ਜੀਅ ਇਹ ਦੋਵੇਂ ਕੁਝ ਬਣਦਾ ਦੇਖਿਆ |
ਉਹ ਜਦੋਂ ਹੇਠਲੀਆਂ ਸੁਰਾਂ ਵਿਚ ਆਪਣੇ ਗੀਤ ਦਾ ਮੁਖੜਾ ਗਾਉਂਦਾ ਤਾਂ ਉਹ ਫੁੱਲ ਬਣ ਜਾਂਦਾ
ਸੀ | ਜਦੋਂ ਉੱਚੀਆਂ ਉੱਚੀਆਂ ਸੁਰਾਂ ਵਿਚ ਅੰਤਰਾ ਚੁੱਕਦਾ ਤਾਂ ਤਾਰਾ ਬਣ ਜਾਂਦਾ | ਉਸ
ਦੀ ਸ਼ਾਇਰੀ ਵਿਚ ਬੇਮਿਸਾਲ ਰਵਾਨੀ ਸੀ ਤੇ ਉਸ ਦੇ ਪਰਵਾਹ ਵਿਚ ਉਹ ਪਤਾ ਨਹੀਂ ਕੀ ਕੁਝ ਵਹਾ
ਦੇਂਦਾ ਸੀ |ਕਿੰਨੇ ਪੁਰਾਣੇ ਲਫ਼ਜ਼,ਚੀਜ਼ਾਂ,ਬੂਟੇ | ਭੂਸ਼ਨ ਨੇ ਇਕ ਲਤੀਫ਼ਾ ਸਿਰਜਿਆ
ਸੀ:ਇਕ ਅਧਿਆਪਕ ਸਾਇਕਲ ਤੇ ਸਕੂਲ ਜਾ ਰਿਹਾ ਸੀ | ਸਾਇਕਲ ਦੇ ਹੈਂਡਲ ਦੇ ਦੋਹੀਂ ਪਾਸੀਂ
ਜੜੀਆਂ ਬੂਟੀਆਂ ਦੇ ਭਰੇ ਦੋ ਥੈਲੇ ਲਟਕ ਰਹੇ ਸਨ |ਕਿਸੇ ਨੇ ਪੁੱਛਿਆ : ਮਾਸਟਰ ਜੀ,ਇਹ
ਥੈਲਿਆਂ ਵਿਚ ਕੀ ਲਿਜਾ ਰਹੇ ਹੋ ? ਮਾਸਟਰ ਜੀ ਕਹਿਣ ਲੱਗੇ:ਅੱਜ ਮੈਂ ਬੱਚਿਆਂ ਨੂੰ ਸ਼ਿਵ
ਦੀ ਕਵਿਤਾ ਪੜ੍ਹਾਉਣੀ ਐ | ਸ਼ਿਵ ਦੀਆਂ ਇਹ ਸਤਰਾਂ ਨੇ:
ਜਿਹੜੇ ਖੇਤਾਂ ਵਿਚ ਬੀਜੇ ਸੀ ਮੈਂ ਤਾਰਿਆਂ ਦੇ ਬੀਜ
ਉਨ੍ਹਾਂ ਖੇਤਾਂ ਵਿਚ ਭੱਖੜਾ ਬੁਘਾਟ ਉਗਿਆ |
ਬੱਚੇ ਪੁੱਛਣਗੇ:ਮਾਸਟਰ ਜੀ,ਭੱਖੜਾ ਕੀ ਹੁੰਦਾ,ਬੁਘਾਟ ਕੀ ਹੁੰਦਾ ? ਮੈਂ ਕਿਵੇਂ
ਸਮਝਾਵਾਂਗਾ ? ਇਸ ਲਈ ਮੈਂ ਇਕ ਥੈਲੇ ਵਿਚ ਭੱਖੜਾ ਲੈ ਆਇਆਂ ਤੇ ਇਕ ਵਿਚ ਬੁਘਾਟ | ਇਹ
ਬੱਚਿਆਂ ਨੂੰ ਦਿਖਾ ਦਿਆਂਗਾ |
ਸ਼ਿਵ ਦੇ ਸ਼ਬਦਾਂ ਦਾ ਸੰਗੀਤ, ਉਸ ਦੀ ਹੂਕ, ਉਸ
ਦਾ ਬਿਰਹਾ, ਉਸ ਦੀ ਲਫ਼ਜ਼ਾਂ ਦੀ ਜਕੜ, ਉਸ ਦੀ ਬਿੰਬਾਵਲੀ ਦੀ ਮੌਲਿਕਤਾ, ਉਸ ਦੀ
ਲੋਕਧਾਰਾ ਦਾ ਇਸਤੇਮਾਲ ਬੇਮਿਸਾਲ ਸੀ |
ਮਾਏ ਨੀ ਮਾਏ ਮੇਰੇ ਗੀਤਾਂ ਦਿਆਂ ਨੈਣਾਂ ਵਿਚ
ਬਿਰਹੋਂ ਦੀ ਰੜਕ ਪਵੇ
ਭਿਉਂ ਭਿਉਂ ਸੁਗੰਧੀਆਂ 'ਚ ਰੱਖੇ ਫੇਹੇ ਚਾਨਣੀ ਦੇ
ਤਾਂ ਵੀ ਸਾਨੂੰ ਨੀਂਦ ਨਾ ਪਵੇ
ਜਦੋਂ ਸੱਠਵਿਆਂ ਵਿਚ ਸ਼ਿਵ ਦਾ ਇਹ ਗੀਤ ਪੰਜਾਬ ਦੀਆਂ ਹਵਾਵਾਂ ਵਿਚ ਗੂੰਜਿਆ ਤਾਂ ਪੰਜਾਬੀ
ਬੋਲੀ ਨੂੰ ਆਪਣੀ ਕਦੀਮੀ ਖ਼ੂਬਸੂਰਤੀ ਯਾਦ ਆਈ | ਸ਼ਿਵ ਕੁਮਾਰ ਦੇ ਆਸੇ ਪਾਸੇ
ਪ੍ਰਯੋਗਸ਼ੀਲਤਾ ਦਾ ਸਿਧਾਂਤਕ ਰੁਅਬ ਸੀ ,ਪ੍ਰਗਤੀਸ਼ੀਲਤਾ ਦਾ ਵ੍ਰਿੰਦਗਾਨ ਸੀ |ਸ਼ਿਵ ਇਕ
ਇਕੱਲੀ ਆਵਾਜ਼ ਸੀ | ਇਸ ਆਵਾਜ਼ ਨੇ ,ਅੰਦਾਜ਼ ਨੇ ਬਹੁਤਿਆਂ ਨੂੰ ਮੋਹ ਲਿਆ | ਕੁਝ
ਦਾਨਿਸ਼ਵਰਾਂ ਨੇ ਉਸ ਨੂੰ ਕੁੜੀਆਂ ਮੁੰਡਿਆਂ ਦਾ ਕਵੀ ਕਿਹਾ |ਕਿਸੇ ਨੇ ਪ੍ਰਤਿਗਾਮੀ ,
ਨਿਰਾਸ਼ਾਵਾਦੀ | ਪਰ ਸੰਤ ਸਿੰਘ ਸੇਖੋਂ ਵਰਗੇ ਮਾਰਕਸਵਾਦੀ ਦਾਨਿਸ਼ਵਰ ਨੇ ਉਸ ਦੀ ਵਡੱਤਣ
ਨੂੰ ਪਛਾਣਿਆਂ ਤੇ ਇਸ ਦਾ ਐਲਾਨ ਕੀਤਾ ਤੇ ਉਸ ਨੂੰ ਵੀਹਵੀਂ ਸਦੀ ਦੇ ਸੱਤ ਵੱਡੇ ਕਵੀਆਂ
ਵਿਚ ਗਿਣਿਆ |
' ਲੂਣਾ ' ਤੇ ਸ਼ਿਵ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ
ਮਿਲਿਆ | ਸਭ ਤੋਂ ਛੋਟੀ ਉਮਰ ਵਿਚ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਵੀ ਸ਼ਿਵ ਨੂੰ ਹੀ
ਪ੍ਰਾਪਤ ਹੈ | ਮੈਂ ਆਪਣੇ ਪ੍ਰੋਗਰਾਮ ' ਸੂਰਜ ਦਾ ਸਰਨਾਵਾਂ ' ਵਿਚ ਕਿਹਾ ਸੀ ਕਿ ਸ਼ਿਵ ਦੀ
ਸ਼ਾਇਰੀ ਵਿਚ ਲੂਣਾ ਦੀ ਉਹ ਹੀ ਥਾਂ ਹੈ ਜੋ ਆਗਰੇ ਵਿਚ ਤਾਜ ਮਹਿਲ ਦੀ ਹੈ |
ਸ਼ਿਵ ਦਾ ਰੋਮਾਂਸਵਾਦ , ਸ਼ਿਵ ਦੀ ਨਿਰਾਸ਼ਾ , ਸ਼ਿਵ ਦਾ ਮੌਤ-ਮੋਹ ਕਿਸੇ ਨੂੰ ਕੁਝ ਵੀ
ਲੱਗੇ , ਉਸ ਦੀ ਰਵਾਨੀ , ਉਸ ਦਾ ਸਰੋਦੀਪਨ ,ਉਸ ਦੀ ਬਿੰਬਾਵਲੀ , ਉਸ ਦੀ ਸ਼ਬਦਾਵਲੀ , ਉਸ
ਦੀ ਸ਼ਿਲਪ ਦਾ ਜਾਦੂ ਕਮਾਲ ਦਾ ਹੈ | ਉਹ ਸੂਫ਼ੀਆਂ ਤੇ ਕਿੱਸੇਕਾਰਾਂ ਵਾਂਗ ਗਾਇਕਾਂ ਦਾ
ਚਹੇਤਾ ਹੈ |
ਪਹਿਲੀ ਵਾਰ ਮੈਂ ਸ਼ਿਵ ਕੁਮਾਰ ਨੂੰ 1964 ਵਿਚ ਮਿਲਿਆ ਜਦੋਂ ਮੈਂ
ਰਣਧੀਰ ਕਾਲਜ ਕਪੂਰਥਲਾ ਦਾ ਵਿਦਿਆਰਥੀ ਸਾਂ | ਸੁਰਜੀਤ ਸਿੰਘ ਸੇਠੀ ਤੇ ਉਨ੍ਹਾਂ ਦੀ ਪਤਨੀ
ਮਨੋਹਰ ਕੌਰ ਅਰਪਨ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ | ਇਸ ਜੋੜੀ ਸਦਕਾ ਕਾਲਜ ਦਾ ਮਾਹੌਲ
ਅਦਬੀ ਸਰਗਰਮੀਆਂ ਨਾਲ ਭਖ਼ਿਆ ਰਹਿੰਦਾ ਸੀ | ਫਰਵਰੀ 1964 ਦੀ ਗੱਲ ਹੈ | ਸੇਠੀ ਸਾਹਬ ਨੇ
ਇਕ ਬਹੁਤ ਵੱਡਾ ਕਵੀ ਦਰਬਾਰ ਕਾਲਜ ਦੇ ਜੁਬਲੀ ਹਾਲ ਵਿਚ ਆਯੋਜਿਤ ਕੀਤਾ | ਪ੍ਰੋ.ਮੋਹਨ
ਸਿੰਘ , ਡਾ. ਹਰਿਭਜਨ ਸਿੰਘ , ਤਖ਼ਤ ਸਿੰਘ , ਸ.ਸ. ਮੀਸ਼ਾ ,ਜਗਤਾਰ,ਕ੍ਰਿਸ਼ਨ ਅਦੀਬ
,ਰਵਿੰਦਰ ਰਵੀ,ਸੁਰਜੀਤ ਰਾਮਪੁਰੀ ਤੇ ਹੋਰ ਬਹੁਤ ਸਾਰੇ ਕਵੀ ਇਸ ਕਵੀ ਦਰਬਾਰ ਵਿਚ ਸ਼ਾਮਲ
ਹੋਏ | ਸੁਰਜੀਤ ਸਿੰਘ ਸੇਠੀ ਹੋਰਾਂ ਨੇ ਮੈਨੂੰ ਸ਼ਿਵ ਨਾਲ ਮਿਲਾਇਆ: ਸ਼ਿਵ ਇਹ ਸੁਰਜੀਤ ਐ ,
ਸਾਡਾ ਵਿਦਿਆਰਥੀ ਕਵਿਤਾ ਲਿਖਦਾ | ਸ਼ਿਵ ਨੇ ਮੈਨੂੰ ਬਗਲ ਵਿਚ ਲੈ ਲਿਆ | ਉਹਦੇ
ਆੜੂ-ਰੰਗੇ ਸੂਟ ਵਿਚੋਂ ਸੈਂਟ ਦੀ ਬਹੁਤ ਪਿਆਰੀ ਮਹਿਕ ਆ ਰਹੀ ਸੀ | ਸ਼ਰਬਤੀ ਅੱਖਾਂ ,
ਕੋਮਲ ਜਿਹਾ ਲਮੂਤਰਾ ਚਿਹਰਾ | ਉਹ ਮੇਰੇ ਨਾਲ ਗੱਲਾਂ ਕਰਨ ਲੱਗਾ | ਅਚਾਨਕ ਕਹਿਣ ਲੱਗਾ :
ਤੇਰਾ ਪੂਰਾ ਨਾਂ ਕੀ ਹੈ ? ਤੂੰ ਕਿਤੇ ਓਹੀ ਸੁਰਜੀਤ ਤਾਂ ਨਹੀਂ ? ਨਵਤੇਜ ਨੇ ਮੈਨੂੰ ਇਕ
ਸੁਰਜੀਤ ਦੀਆਂ ਕਵਿਤਾਵਾਂ ਪੜ੍ਹਾਈਆਂ ਜਿਹੜੀਆਂ ਪ੍ਰੀਤ ਲੜੀ ਵਿਚ ਛਪਣ ਲਈ ਆਈਆਂ ਸਨ | ਮੈਂ
ਹੀ ਓਹੀ ਸੁਰਜੀਤ ਹਾਂ | ਮੈਨੂੰ ਬਹੁਤ ਖੁਸ਼ੀ ਹੋਈ | ਸ਼ਿਵ ਨੂੰ ਮੇਰੀ ਇਕ ਕਵਿਤਾ ਦੀਆਂ
ਦੋ ਸਤਰਾਂ ਵੀ ਯਾਦ ਸਨ:
ਜ਼ਖ਼ਮੀ ਹੰਸ ਉਡੇ ਸਰਵਰ 'ਚੋਂ
ਪਾਣੀ ਵਿਚ ਪਿਆਜ਼ੀ ਰੌਆਂ
ਇਹ ਮੇਰੀ ਕਵਿਤਾ ' ਗਾਇਕਾ ' ਦੀਆਂ ਸਤਰਾਂ ਸਨ | ਉਹ ਦਿਨ ਮੇਰੇ ਲਈ ਮਹਾਨ ਦਿਨ ਸੀ |
ਸ਼ਿਵ ਨੂੰ ਮੇਰੀਆਂ ਦੋ ਸਤਰਾਂ ਯਾਦ ਸਨ | ਰਾਤ ਨੂੰ ਕਵੀ ਦਰਬਾਰ ਸ਼ੁਰੂ ਹੋਇਆ | ਸ਼ਿਵ
ਕੁਮਾਰ ਆਪਣੀ ਵਾਰੀ ਆਉਣ ਤੱਕ ਸਟੇਜ ਦੇ ਪਿੱਛੇ ਪ੍ਰਬੰਧਕ ਮੁੰਡਿਆਂ ਕੋਲ ਹੀ ਬੈਠਾ ਰਿਹਾ |
ਕਹਿਣ ਲੱਗਾ : ਮੈਂ ਕਵੀਆਂ ਕੋਲ ਨਹੀਂ ਬੈਠਦਾ | ਇਹ ਈਰਖਾ ਦੀ ਅੱਗ ਨਾਲ ਭਰੇ ਹੋਏ ਹੁੰਦੇ
ਹਨ | ਸ਼ਿਵ ਦੀ ਵਾਰੀ ਆਈ | ਉਸ ਨੇ ਗੀਤ ਸ਼ੁਰੂ ਕੀਤਾ : ਮਾਏਂ ਨੀ ਮਾਏਂ , ਮੈਂ ਇਕ
ਸ਼ਿਕਰਾ ਯਾਰ ਬਣਾਇਆ | ਇਕ ਉਰਦੂ ਤੇ ਪੰਜਾਬੀ ਕਵੀ ਨੇ ' ਵਾਹ ਵਾਹ ਫੁਕਰਾ ਯਾਰ ਬਣਾਇਆ '
ਕਹਿ ਕੇ ਸ਼ਿਵ ਨੂੰ ਹੂਟ ਕਰਨ ਦੀ ਕੋਸ਼ਿਸ਼ ਕੀਤੀ | ਥੋੜ੍ਹੀ ਜਿਹੀ ਹਿੜ ਹਿੜ ਹੋਈ | ਸ਼ਿਵ
ਜ਼ਰਾ ਕੁ ਤ੍ਰਭਕਿਆ , ਇਕ ਪਲ ਲਈ ਰੁਕਿਆ | ਫਿਰ ਸਾਹ ਰੋਕੀ ਬੈਠੀ ਚੁਪ ਵਿਚੋਂ ਉਸ ਨੇ
ਉਡਾਣ ਭਰੀ , ਫੁੱਲ ਤੋਂ ਤਾਰਾ ਬਣ ਗਿਆ |
ਉਸ ਤੋਂ ਬਾਅਦ ਸੁਲਤਾਨਪੁਰ ਲੋਧੀ
ਦੇ ਗੁਰਦੁਆਰੇ ਵਿਚ ਇਕ ਕਵੀ ਦਰਬਾਰ ਦੀ ਰਾਤ ਤੋਂ ਬਾਅਦ ਦੂਜੀ ਸਵੇਰ ਰੇਲ ਗੱਡੀ ਦੇ ਡੱਬੇ
ਵਿਚ ਸ਼ਿਵ ਨੇ ਆਪਣਾ ਗੀਤ ਸੁਣਾਇਆ :
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੀ ਚੁੰਮਣੋਂ ਪਿਛਲੀ ਸੰਗ ਵਰਗਾ
ਫਿਰ ਮੈਂ ਐਮ.ਏ. ਕਰਨ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਗਿਆ | ਉਥੇ ਮੇਰਾ ਇਕ ਸੀਨੀਅਰ
ਦੋਸਤ ਸੁਰਜੀਤ ਮਾਨ ,ਸ਼ਿਵ ਦਾ ਬਹੁਤ ਦੀਵਾਨਾ ਸੀ | ਸਾਡੇ ਹੋਸਟਲ ਵਿਚ ਕਵੀਆਂ ਬਾਰੇ ਅਕਸਰ
ਬਹਿਸਾਂ ਹੁੰਦੀਆਂ | ਅਸੀਂ ਉਨ੍ਹੀਂ ਦਿਨੀਂ ਲੋਰਕਾ , ਨੇਰੂਦਾ , ਬ੍ਰੈਖ਼ਤ ਪੜ੍ਹ ਰਹੇ
ਸਾਂ | ਸਹਿਜੇ ਕੀਤੇ ਸਾਨੂੰ ਕੋਈ ਪੰਜਾਬੀ ਕਵੀ ਪਸੰਦ ਨਹੀਂ ਆਉਂਦਾ ਸੀ | ਅਸੀਂ ਯੂਨਾਨੀ
ਦੁਖਾਂਤ ਤੋਂ ਉਰੇ ਦੀ ਗੱਲ ਘੱਟ ਹੀ ਕਰਦੇ ਸਾਂ |
ਪੰਜਾਬੀ ਯੂਨੀਵਰਸਿਟੀ ਕੈਂਪਸ
ਵਿਚ ਕਵੀ ਦਰਬਾਰ ਹੋਇਆ | ਬਾਹਰ ਪੰਡਾਲ ਲੱਗਾ ਹੋਇਆ ਸੀ | ਤਾਰਾ ਸਿੰਘ ਆਪਣੀ ਕਵਿਤਾ
ਪੜ੍ਹ ਕੇ ਮੇਰੇ ਤੇ ਸੁਰਜੀਤ ਕੋਲ ਆ ਬੈਠਾ | ਅਸੀਂ ਬਾਹਰ ਘਾਹ 'ਤੇ ਬੈਠੇ ਹੋਏ ਸਾਂ |
ਸ਼ਿਵ ਕੁਮਾਰ ਆਪਣੀ ਕਵਿਤਾ ਪੜ੍ਹ ਰਿਹਾ ਸੀ:
ਗੁੰਮ ਹੈ, ਗੁੰਮ ਹੈ,ਗੁੰਮ ਹੈ
ਇਕ ਕੁੜੀ ਜਿਹਦਾ ਨਾਮ ਮੁਹੱਬਤ
ਗੁੰਮ ਗੁੰਮ ਗੁੰਮ ਹੈ
ਤਾਰਾ ਸਿੰਘ ਕਹਿਣ ਲੱਗਾ : ਇਹ ਕੁੜੀ ਅਸਲ ਵਿਚ ਇਹਦੀ ਕਵਿਤਾ ਹੈ ਜਿਹੜੀ ਗੁੰਮ ਹੋ ਗਈ ਹੈ
| ਮੈਂ ਵੀ ਅੱਜਕੱਲ੍ਹ ਕੁਝ ਨਵਾਂ ਨਹੀਂ ਲਿਖ ਰਿਹਾ | ਇਹ ਸਾਰੇ ਕਵੀ ਜੋ ਨਵਾਂ ਲਿਖ ਰਹੇ
ਨੇ , ਇਹ ਵੀ ਖੜ੍ਹੇ ਖੜ੍ਹੇ ਦੌੜ ਰਹੇ ਨੇ , ਜਿਵੇਂ ਫੌਜੀ ਕਦਮ-ਤਾਲ ਕਰਦੇ ਨੇ | ਇਹ ਅੱਗੇ
ਨਹੀਂ ਜਾ ਰਹੇ | ਮੈਂ ਕਦਮ-ਤਾਲ ਨਹੀਂ ਕਰਨੀ ਚਾਹੁੰਦਾ |
ਦੂਜੇ ਦਿਨ ਸਵੇਰੇ
ਡਾ. ਜੀਤ ਸਿੰਘ ਸੀਤਲ ,ਸ਼ਿਵ ਕੁਮਾਰ ਤੇ ਇਕ ਐਮ.ਬੀ.ਬੀ.ਐਸ. ਦੀ ਵਿਦਿਆਰਥਣ ਸਾਨੂੰ ਗੋਲ
ਮਾਰਕੀਟ ਵਿਚ ਮਿਲੇ | ਡਾ. ਸੀਤਲ ਮੈਨੂੰ ਪਾਸੇ ਬੁਲਾ ਕੇ ਕਹਿਣ ਲੱਗੇ : ਇਨ੍ਹਾਂ ਦੋਹਾਂ
ਨੂੰ ਆਪਣੇ ਹੋਸਟਲ ਦੇ ਕਮਰੇ ਵਿਚ ਬਿਠਾ ਕੇ ਰੋਟੀ ਖਲਾ ਦੇ | ਮੈਂ ਹੋਸਟਲ ਦੇ ਬੈਕ ਡੋਰ
ਤੋਂ ਮੈਸ ਥਾਣੀਂ ਲੰਘ ਕੇ ਦੋ ਖਾਣਿਆਂ ਦਾ ਆਰਡਰ ਕਰਕੇ ਸ਼ਿਵ ਤੇ ਉਸ ਕੁੜੀ ਨੂੰ ਆਪਣੇ
ਕਮਰੇ ਵਿਚ ਛੱਡ ਆਇਆ | ਸ਼ਿਵ ਮੈਨੂੰ ਕਹਿਣ ਲੱਗਾ : ਮੈਂ ਤਾਲਾ ਲਾ ਕੇ ਚਾਬੀ ਮੈਸ ਵਿਚ
ਫੜਾ ਜਾਵਾਂਗਾ | ਮੈਂ ਮੈਸ ਵਿਚ ਖਾਣਾ ਖਾ ਕੇ ਲਾਇਬਰੇਰੀ ਵਿਚ ਆ ਗਿਆ | ਉਸ ਵੇਲੇ ਮੈਂ
ਆਪਣੇ ਆਪ ਨੂੰ ਬਹੁਤ ਅਹਿਮ ਸ਼ਖਸ਼ ਮਹਿਸੂਸ ਕਰ ਰਿਹਾ ਸਾਂ | ਦੋ ਘੰਟਿਆਂ ਬਾਅਦ ਮੈਂ ਆਇਆ ,
ਆਪਣੇ ਕਮਰੇ ਦਾ ਤਾਲਾ ਖੋਲ੍ਹਿਆ | ਖਾਣੇ ਓਵੇਂ ਹੀ ਅਣਛੋਹ ਪਏ ਸਨ | ਦੂਜੇ ਦਿਨ ਮੈਸ ਦੇ
ਨੋਟਿਸ ਬੋਰਡ ਤੇ ਨੋਟਿਸ ਲੱਗਾ ਹੋਇਆ ਸੀ : ਸੁਰਜੀਤ ਸਿੰਘ ਪਾਤਰ ਇਜ਼ ਫਾਈਨਡ ਰੂਪੀਜ਼ ਟੈਨ
ਫਾਰ ਇੰਟਰਟੇਨਿੰਗ ਏ ਲੇਡੀ ਗੈਸਟ ਇਨ ਹਿਜ਼ ਰੂਮ |
ਮੈਂ ਬਹੁਤ ਦਿਨ ਉਸ ਨੋਟਿਸ ਨੂੰ ਸ਼ਿਵ ਦੀ ਯਾਦ ਵਜੋਂ ਸਾਂਭੀ ਰੱਖਿਆ |
ਸ਼ਿਵ ਨਾਲ ਮੇਰੀ ਚੌਥੀ ਮੁਲਾਕਾਤ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚ ਹੋਈ | ਮੈਂ ਤੇ
ਰਣਜੀਤ ਬਾਜਵਾ ਪਟਿਆਲੇ ਤੋਂ ਚੰਡੀਗੜ੍ਹ ਆਏ ਸਾਂ , ਐਵੇਂ ਘੁੰਮਣ ਫਿਰਨ | ਕਾਫ਼ੀ ਹਾਉਸ
ਵਿਚ ਅਮਿਤੋਜ ਮਿਲਿਆ | ਕਹਿਣ ਲੱਗਾ :ਬਹੁਤ ਥੱਕੇ ਥੱਕੇ ਲਗਦੇ ਓਂ | ਇਹ ਲਓ ,ਇਕ ਇਕ ਗੋਲੀ
ਖਾ ਲਵੋ | ਉਸ ਨੇ ਪਾਣੀ ਦੇ ਗਲਾਸ ਮੰਗਵਾਏ ਤੇ ਸਾਨੂੰ ਗੋਲੀਆਂ ਖਲਾ ਦਿਤੀਆਂ | ਕਾਫ਼ੀ
ਪੀ ਕੇ ਅਸੀਂ ਕਿਤਾਬਾਂ ਦੀ ਦੁਕਾਨ 'ਤੇ ਆ ਗਏ | ਅਮਿਤੋਜ ਸ਼ਾਮ ਨੂੰ ਹੋਸਟਲ ਵਿਚ ਮਿਲਣ ਦਾ
ਵਾਅਦਾ ਕਰਕੇ ਚਲਾ ਗਿਆ | ਕੁਝ ਚਿਰ ਬਾਅਦ ਮੈਂ ਹਲਕਾ ਹਲਕਾ ਨਸ਼ਾ ਮਹਿਸੂਸ ਕੀਤਾ |
ਮੈਨੂੰ ਅਹਿਸਾਸ ਹੋਇਆ ਕਿ ਅਮਿਤੋਜ ਸਾਡੇ ਨਾਲ ਕੋਈ ਅਮਿਤੋਜੀ ਚੋਜ ਖੇਡ ਗਿਆ ਹੈ |
ਕਿਤਾਬਾਂ ਦੀ ਦੁਕਾਨ ਵਿਚ ਹੀ ਪਤਾ ਨਹੀਂ ਮੈਂ ਤੇ ਰਣਜੀਤ ਕਿਵੇਂ ਨਿੱਖੜ ਗਏ |
ਕਿਤਾਬਾਂ ਦੀ ਦੁਕਾਨ ਤੋਂ ਬਾਹਰ ਆਇਆ ਤਾਂ ਦੂਰੋਂ ਚਿੱਟੀ ਦਸਤਾਰ ਤੇ ਕਾਲੇ ਚੋਗੇ ਵਾਲੇ
ਮਸ਼ਹੂਰ ਚਿਤਰਕਾਰ ਸ.ਕਿਰਪਾਲ ਸਿੰਘ ਆਉਂਦੇ ਨਜ਼ਰ ਆਏ | ਮੈਂ ਉਨ੍ਹਾਂ ਨੂੰ ਸਤਿ ਸ੍ਰੀ
ਅਕਾਲ ਬੁਲਾਈ ਤੇ ਅਮਿਤੋਜੀ ਲੋਰ ਵਿਚ ਉਨ੍ਹਾਂ ਨੂੰ ਚਿਤਰਕਾਰੀ ਬਾਰੇ ਇਕ ਬਹੁਤ ਲੰਮਾ
ਭਾਸ਼ਨ ਦਿਤਾ | ਹੁਣ ਆਪਣੀ ਮੂਰਖਤਾ ਨਾਲੋਂ ਉਨ੍ਹਾਂ ਦੀ ਸ਼ਹਿਨਸ਼ੀਲਤਾ ਬਾਰੇ ਸੋਚ ਕੇ
ਹੈਰਾਨ ਹੁੰਦਾ ਹਾਂ ਕਿ ਉਹ ਕਿੰਨੀ ਦੇਰ ਮੇਰਾ ਭਾਸ਼ਨ ਸੁਣੀ ਗਏ |
ਮੇਰਾ ਅਗਲਾ
ਲੰਮਾ ਭਾਸ਼ਨ ਕਵਿਤਾ ਬਾਰੇ ਸੀ ਤੇ ਉਹ ਭਾਸ਼ਨ ਸੁਣਨ ਦੀ ਵਾਰੀ ਕਿਸੇ ਮਾੜੇ ਮੋਟੇ ਕਵੀ ਦੀ
ਨਹੀਂ , ਸ਼ਿਵ ਕੁਮਾਰ ਦੀ ਸੀ ਜਿਸ ਨੂੰ ਮਸਤਾਨੀ ਤੋਰ ਤੁਰਿਆਂ ਆਉਂਦਿਆਂ ਮੈਂ ਦੂਰੋਂ ਦੇਖ
ਲਿਆ ਸੀ | ਸ਼ਿਵ ਦੀ ਸ਼ਹਿਨਸ਼ੀਲਤਾ ਦੇ ਵੀ ਮੈਂ ਬਲਿਹਾਰ ਹਾਂ ਕਿ ਉਹ ਮੈਨੂੰ ਸੁਣਦਾ ਰਿਹਾ
ਤੇ ਫੇਰ ਕਹਿਣ ਲੱਗਾ : ਚਲ ਆਪਾਂ ਘਰ ਚਲਦੇ ਆਂ | ਬਾਕੀ ਗੱਲਾਂ ਓਥੇ ਕਰਾਂਗੇ | ਅਸੀਂ
ਸ਼ਿਵ ਦੇ ਘਰ ਵੱਲ ਨੂੰ ਚੱਲ ਪਏ | ਰਾਹ ਵਿਚੋਂ ਉਹਨੇ ਰਸਭਰੀ ਫੜ ਲਈ | ਅਸੀਂ ਜਾ ਕੇ
ਸੋਫ਼ਿਆਂ 'ਤੇ ਬੈਠੇ ਹੀ ਸਾਂ ਕਿ ਪਤਾ ਨਹੀਂ ਕਿਵੇਂ ਘੁੰਮਦਾ ਘੁਮਾਉਂਦਾ ਰਣਜੀਤ ਬਾਜਵਾ ਵੀ
ਉਥੇ ਪਹੁੰਚ ਗਿਆ | ਪਤਾ ਨਹੀਂ ਕਦੋਂ ਤੱਕ ਗੱਲਾਂ ਕਰਦੇ ਰਹੇ ਤੇ ਕਦੋਂ ਸੌਂ ਗਏ | ਸਵੇਰੇ
ਸੋਫ਼ਿਆਂ 'ਤੇ ਹੀ ਜਾਗੇ | ਇਸ ਅਮਿਤੋਜੀ ਸ਼ਾਮ ਤੋਂ ਕਈ ਸਾਲਾਂ ਬਾਅਦ ਸਾਨੂੰ ਅਮਿਤੋਜ ਨੇ
ਦਸਿੱਆ ਕਿ ਜਿਹੜੀ ਗੋਲੀ ਸਾਡੀ ਥਕਾਵਟ ਉਤਾਰਨ ਲਈ ਉਹਨੇ ਸਾਨੂੰ ਖਲਾਈ ਸੀ, ਉਹ ਮੈਡਰਿਕਸ
ਸੀ |
ਇਕ ਬਹੁਤ ਲੰਮੇ ਦਲਾਨ ਵਿਚ ਵੀਹ ਮੋਮਬੱਤੀਆਂ ਗੋਲ ਕਤਾਰੇ ਵਿਚ ਜਗ
ਰਹੀਆਂ ਸਨ ਤੇ ਹਰੇਕ ਮੋਮਬੱਤੀ ਇਕ ਇਕ ਸ਼ਾਇਰ ਦੇ ਚਿਹਰੇ ਨੂੰ ਰੁਸ਼ਨਾ ਰਹੀ ਸੀ | ਇਨ੍ਹਾਂ
ਚਿਹਰਿਆਂ ਵਿਚ ਇਕ ਚਿਹਰਾ ਸ਼ਿਵ ਦਾ ਸੀ | ਇਹ ਦਲਾਨ ਕਵੀ ਤ੍ਰੈਲੋਚਨ ਦੇ ਘਰ ਦਾ ਸੀ ,
ਜਿਸ ਦੀ ਮੰਗਣੀ ਦੀ ਪਾਰਟੀ ਤੇ ਵੀਹ ਪੰਜਾਬੀ ਕਵੀ ਆਏ ਸਨ | ਹਰ ਸ਼ਾਇਰ ਨੇ ਮੋਮਬੱਤੀਆਂ ਦੀ
ਲੋਏ ਆਪਣਾ ਕਲਾਮ ਪੜ੍ਹਿਆ | ਅਖ਼ੀਰ ਸ਼ਿਵ ਨੇ ਆਪਣੀ ਜਾਦੂਮਈ ਆਵਾਜ਼ ਵਿਚ ਆਪਣੀ ਪਿਆਰੀ
ਗ਼ਜ਼ਲ ਪੜ੍ਹੀ :
ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ ਲੱਗ ਰੋਈਆਂ ਤੇਰੀਆਂ ਗਲੀਆਂ |
ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲੀਆਂ |
ਇਸ਼ਕ ਮੇਰੇ ਦੀ ਸਾਲਗਿਰ੍ਹਾ ਤੇ
ਇਹ ਕਿਸ ਘੱਲੀਆਂ ਕਾਲੀਆਂ ਕਲੀਆਂ |
ਇਹ ਸ਼ਿਵ ਨਾਲ ਮੇਰੀ ਪੰਜਵੀਂ ਮੁਲਾਕਾਤ ਸੀ |
ਸ਼ਿਵ ਨਾਲ ਮੇਰੀ ਛੇਵੀਂ ਮੁਲਾਕਾਤ ਕਿਸੇ ਕਾਲਜ ਦੇ ਕਵੀ ਦਰਬਾਰ ਵਿਚ ਹੋਈ | ਇਹ ਕਵੀ
ਦਰਬਾਰ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਸੀ | ਸ਼ਿਵ ਮਾਈਕ
ਤੇ ਆਇਆ ਤਾਂ ਅੰਗਰੇਜ਼ੀ ਵਿਚ ਸਰੋਤਿਆਂ ਨੂੰ ਸੰਬੋਧਨ ਕਰਨ ਲੱਗਾ | ਮੁੰਡੇ ਉਸ ਦਾ ਮਖ਼ੌਲ
ਉਡਾਉਣ ਲੱਗੇ | ਉਹ ਰੁੱਸ ਕੇ ਸਟੇਜ ਤੋਂ ਉਤਰ ਗਿਆ | ਸੂਬਾ ਸਿੰਘ ਮੰਚ ਸੰਚਾਲਨ ਕਰ ਰਹੇ
ਸਨ | ਉਹ ਸ਼ਿਵ ਨੂੰ ਮਨਾ ਕੇ ਲਿਆਏ ਤੇ ਕਹਿਣ ਲੱਗੇ ," ਸ਼ਿਵ ਰੁੱਸਣ ਤੋਂ ਬਾਅਦ ਜ਼ਿਆਦਾ
ਅੱਛਾ ਗਾਉਂਦਾ ਹੈ | " ਸ਼ਿਵ ਨੇ ਆਪਣਾ ਗੀਤ ਸ਼ੁਰੂ ਕੀਤਾ ਤੇ ਵਿਦਿਆਰਥੀ ਉਸ ਦੇ ਸੁਰੀਲੇ
ਤੇ ਰਸੀਲੇ ਬੋਲਾਂ ਦੀ ਪਾਵਨਤਾ ਵਿਚ ਡੁੱਬ ਗਏ:
ਹੁਣੇ ਸਰਘੀ ਦੀ ਵਾ ਨੇ ਪੰਛੀਆਂ ਦਾ ਬੋਲ ਪੀਤਾ ਹੈ
ਤੇ ਜਾਗੀ ਬੀੜ ਨੇ ਤੇਰੇ ਨਾਮ ਦਾ ਇਕ ਵਾਕ ਲੀਤਾ ਹੈ
ਸ਼ਿਵ ਨਾਲ ਮੇਰੀ ਸੱਤਵੀਂ ਮੁਲਾਕਾਤ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਕਵੀ ਦਰਬਾਰ ਵਿਚ
ਹੋਈ | ਇਹ ਕਵੀ ਦਰਬਾਰ ਵਿਸ਼ਵਾ ਨਾਥ ਤਿਵਾੜੀ ਹੋਰਾਂ ਨੇ ਕਰਵਾਇਆ ਸੀ | ਇਸ ਵਿਚ ਅਮਿਤੋਜ
ਨੇ ਆਪਣੀ ਲੰਮੀ ਨਜ਼ਮ ਅਮੀਬਾ ਪੜ੍ਹੀ |ਇਹ ਪਹਿਲਾ ਕਵੀ ਦਰਬਾਰ ਸੀ ਜਿਸ ਵਿਚ ਸ਼ਿਵ ਨੇ
ਆਪਣੀ ਕਵਿਤਾ ਗਾ ਨੇ ਨਹੀਂ ਪੜ੍ਹੀ | ਇਹ ਇਕ ਕ੍ਰਾਂਤੀਕਾਰੀ ਕਵਿਤਾ ਸੀ | ਸ਼ਾਇਦ ਸ਼ਿਵ
ਤਰੱਨੁਮ ਤੇ ਰੋਮਾਂਸ ਦੇ ਮਿਹਣੇ ਨੂੰ ਦਿਲ ਨੂੰ ਲਾ ਬੈਠਾ ਸੀ | ਸਰੋਤਿਆਂ ਦੇ ਬਾਰ ਬਾਰ
ਕਹਿਣ 'ਤੇ ਵੀ ਸ਼ਿਵ ਨੇ ਕੋਈ ਗੀਤ ਗਾ ਕੇ ਨਾ ਸੁਣਾਇਆ | ਸ਼ਿਵ ਗਾਵੇ ਨਾ , ਇਹ ਗੱਲ
ਸਾਰਿਆਂ ਨੂੰ ਅਜੀਬ ਲੱਗੀ | ਸ਼ਿਵ ਨੇ ਗਾਉਣਾ ਛੱਡ ਦਿਤਾ ਸੀ | ਲੱਗਦਾ ਠੱਗਾਂ ਨੇ ਕੁੱਤਾ
ਕੁੱਤਾ ਕਹਿ ਕੇ ਬ੍ਰਾਹਮਣ ਦੇ ਸਿਰ ਤੋਂ ਪਠੋਰਾ ਸੁਟਵਾ ਲਿਆ ਸੀ | ਇਸ ਤੋਂ ਬਾਅਦ ਸ਼ਿਵ
ਜਿਵੇਂ ਸਰੋਦ ਤੇ ਰੋਮਾਂਸ ਨੂੰ ਨਫ਼ਰਤ ਕਰਨ ਲੱਗਾ | ਉਸ ਨੇ " ਲੁੱਚੀ ਧਰਤੀ " ਤੇ
" ਕੁੱਤਿਓ " ਵਰਗੀਆਂ ਨਫ਼ਰਤ ਭਰੀਆਂ ਨਜ਼ਮਾਂ ਲਿਖਿਆਂ | ਲਗਦਾ ਸੀ ਉਹ ਜ਼ਹਿਰ ਨਾਲ ਭਰ ਗਿਆ ਸੀ |
ਫਿਰ ਖ਼ਬਰ ਆਈ ਕਿ ਉਹ ਫੁੱਲ ਬਣ ਗਿਆ ਜਾਂ ਤਾਰਾ |
ਸ਼ਿਵ ਦੀ ਮੌਤ ਤੋਂ ਬਾਅਦ ਬਟਾਲੇ ਗਿਆ | ਸੱਥਰ 'ਤੇ ਬੈਠੇ ਲੋਕ ਖਾਮੋਸ਼ ਸਨ | ਸ਼ਿਵ ਦੇ ਗਾਏ ਇਕ ਗੀਤ ਦੀ ਰਿਕਾਰਡਿੰਗ ਚੱਲ ਰਹੀ ਸੀ:
ਕੀ ਪੁੱਛਦੇ ਓਂ ਹਾਲ ਫ਼ਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ |
ਉਹ ਹੰਝ ਦੀ ਜੂਨੇ ਆਇਆ ਸੀ ਤੇ ਜੋਬਨ ਰੁੱਤੇ ਤੁਰ ਗਿਆ | ਉਹ ਕਹਿੰਦਾ ਹੁੰਦਾ ਸੀ:
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ |
ਉਹ ਫੁੱਲ ਬਣਿਆ ਹੋਵੇਗਾ ਕਿ ਤਾਰਾ ? ਮੈਂ ਸਮਝਦਾ ਹਾਂ ਤਾਰਾ , ਪੰਜਾਬੀ ਸ਼ਾਇਰੀ ਦੇ ਆਕਾਸ਼ ਵਿਚ ਸਦਾ ਝਿਲਮਿਲਾਉਣ ਵਾਲਾ ਤਾਰਾ |
No comments:
Post a Comment