Wednesday 23 May 2012

Some More About Shiv Kumar

 
1960-61-62 ਦੀ ਉਸਦੀ ਕਵਿਤਾ ਗਵਾਹ ਹੈ | ਸ਼ਿਵ ਜ਼ਿੱਦੀ ਸੀ , ਹਠ ਪਿੱਟਦਾ ਸੀ | ਉਹ ਆਪਣੀਆਂ ਆਦਤਾਂ ਦਾ ਗੁਲਾਮ ਹੋ ਚੁੱਕਾ ਸੀ | ਉਸਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਸ਼ਰਾਬ ਤੇ ਸਿਗਰਟਾਂ ਛੱਡ ਦੇਵੇਗਾ | ਪਰ ਉਹ ਵਾਅਦਾ ਨਾ ਨਿਭਾ ਸਕਿਆ | ਯਾਰਾਂ-ਦ...ੋਸਤਾਂ ਨੇ ਉਸਨੂੰ ਸ਼ਰਾਬ ਪਿਆ ਪਿਆ ਕੇ ਉਸਦਾ ਗ਼ੁਲਾਮ ਬਣਾ ਦਿਤਾ ਤੇ ਉਹੀ ਸ਼ਰਾਬ ਉਸਨੂੰ ਲੈ ਡੁੱਬੀ | ਅੰਤਲੇ ਦਿਨਾਂ ਵਿਚ ਵੀ ਜਦੋਂ ਉਹ ਇੰਗਲੈਂਡ ਗਿਆ ਤਾਂ ਉਸਨੂੰ ਉਥੇ ਮਣਾਂ ਮੂੰਹੀ ਸ਼ਰਾਬ ਪਿਆਈ ਗਈ| ਤੇ ਅਖ਼ੀਰ ਉਹੀ ਸ਼ਰਾਬ ਜ਼ਹਿਰ ਬਣਕੇ ਉਸ ਦੇ ਲਹੂ ਵਿਚ ਰਚ ਗਈ ਤੇ ਜਾਨ ਲੇਵਾ ਬਣੀਂ |ਉਸਦੀ ਜ਼ਿੰਦਗੀ ਬੜੀ ਤਲਖ਼ ਸੀ , ਤੱਤੀ ਸੀ | ਜਿਸਨੇ ਵੀ ਫੂਕਾਂ ਮਾਰਨ ਦੀ ਕੋਸ਼ਿਸ਼ ਕੀਤੀ ਉਸਦੇ ਬੁੱਲ ਸੜ ਗਏ | ਉਹ ਜੋ ਵੀ ਵਾਅਦਾ ਕਰਦਾ , ਉਹ ਉਸਦੇ ਸਿਗਰਟ ਦੇ ਧੂੰਏ ਵਾਂਗ ਉੱਡ ਜਾਂਦਾ | ਉਹ ਆਪਣੇ ਆਪ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਸੀ | ਪੈਸੇ ਦੀ ਘਾਟ ਉਸਨੂੰ ਹਮੇਸ਼ਾ ਰਹਿੰਦੀ | ਜਿੰਨੇ ਵੀ ਪੈਸੇ ਜੇਬ ਵਿਚ ਹੁੰਦੇ, ਉੜਾ ਦਿੰਦਾ | ਉਸਨੂੰ ਭਵਿੱਖ ਦੀ ਕੋਈ ਚਿੰਤਾ ਨਾ ਹੁੰਦੀ | ਇਹੀ ਕਹਿੰਦਾ ਰਹਿੰਦਾ ਕਿ ਉਸਨੇ ਛੇਤੀ ਤੁਰ ਜਾਣਾ ਹੈ | ਉਸਨੂੰ ਟੀ.ਬੀ. ਹੈ | ਉਸਦੇ ਫੇਫੜੇ ਛਲਣੀ ਹਨ | ਉਹਨੇ ਸੈਨੀਟੋਰੀਅਮ ਜਾਣਾ ਹੈ | ਇਕ ਵਾਰ ਮੈਂ ਉਸਨੂੰ ਝਿੜਕਿਆ ਕਿ ਜੇ ਉਹ ਇੰਜ ਹੀ ਡਰਾਮੇਬਾਜ਼ੀ ਕਰਦਾ ਰਿਹਾ ਤਾਂ ਲੋਕਾਂ ਨੇ ਨੇੜੇ ਹੋਣ ਦੀ ਬਜਾਏ ਉਸ ਤੋਂ ਦੂਰ ਹੋ ਜਾਣਾ ਹੈ | ਤੇ ਉਹ ਦੂਰੀਆਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਸੀ ਕਰ ਸਕਦਾ | ਇਸ ਗੱਲ ਦਾ ਅਹਿਸਾਸ ਉਸਨੂੰ ਬਾਅਦ ਵਿਚ ਹੋਇਆ | ਉਦੋਂ ਉਹਨੇ ਸਿਰਫ਼ ਆਪਣੀ ਕਵਿਤਾ ਬਾਰੇ ਡੁੰਘਿਆਈ ਨਾਲ ਸੋਚਣਾ ਸ਼ੁਰੂ ਕੀਤਾ | ਇਥੋਂ ਤਕ ਕਿ ਆਪਣੇ ਨਾਂ ਨਾਲੋਂ ਆਪਣਾ ਤਖ਼ੱਲਸ ' ਬਟਾਲਵੀ ' ਵੀ ਲਿਖਣੋਂ ਹਟ ਗਿਆ | 1962 ਵਿਚ ਮੁੜ ਉਸਨੇ ਸ. ਕਾਲਜ , ਨਾਭਾ ਵਿਖੇ ਦਾਖ਼ਲਾ ਲੈ ਲਿਆ |ਦਸੰਬਰ 1962 ਵਿਚ ਮੇਰੀ ਸ਼ਾਦੀ ਹੋ ਗਈ | ਉਹ ਮੇਰੇ ਪਤੀ ਨੂੰ ਜਾਣਦਾ ਸੀ | ਉਸਨੇ ਮੈਨੂੰ ਲਿਖਿਆ , " ਤੇਰਾ ਹੋਣ ਵਾਲਾ ਪਤੀ ਸੋਹਣਾ , ਸੁਨੱਖਾ ਤੇ ਜ਼ਹੀਨ ਹੈ | ਆਸ ਹੈ ਤੂੰ ਉਸਦੇ ਨਾਲ ਬਹੁਤ ਖੁਸ਼ ਰਹੇਂਗੀ | " ਮੇਰੇ ਪਤੀ ਰਾਮਗੜੀਆ ਕਾਲਜ , ਫਗਵਾੜਾ ਵਿਖੇ ਪਰੋਫ਼ੈਸਰ ਸਨ ਤੇ ਉਥੋਂ ਦੇ ਪੰਜਾਬੀ ਪਰੋਫ਼ੈਸਰ ਜਗਜੀਤ ਸਿੰਘ ਛਾਬੜਾ ਨਾਲ ਰਿਹਾ ਕਰਦੇ ਸਨ ਤੇ ਸ਼ਿਵ ਅਕਸਰ ਉਹਨਾਂ ਕੋਲ ਜਾਇਆ ਕਰਦਾ ਸੀ | ਮੇਰੇ ਵਿਆਹ ਵਾਲੀ ਰਾਤ ਜਦੋਂ ਮੇਰੀ ਬਰਾਤ ਮੇਰੇ ਬਾਬੁਲ ਦੇ ਵਿਹੜੇ ਵਿਚ ਬੈਠੀ ਸੀ , ਸ਼ਿਵ ਆਪਣੇ ਦੋਸਤ ਸ. ਦਲੀਪ ਸਿੰਘ ਅਸਿਸਟੈਂਟ ਡਾਇਰੈਕਟਰ , ਭਾਸ਼ਾ ਵਿਭਾਗ , ਪਟਿਆਲਾ ਦੇ ਨਾਲ ਸਾਡੇ ਘਰ ਆਇਆ | ਮੇਰਾ ਉਸਦਾ ਸਾਹਮਣਾ ਤਾਂ ਨਹੀਂ ਹੋਇਆ ਪਰ ਮੈਂ ਮਹਿਸੂਸ ਕੀਤਾ ਉਹ ਉਦਾਸ ਸੀ | ਤਕਰੀਬਨ ਅੱਧਾ ਘੰਟਾ ਠਹਿਰਿਆ , ਚਾਹ-ਪਾਣੀ ਪੀਤਾ | ਮੇਰੀ ਮਾਂ ਨੂੰ ਸ਼ਗਨ ਫੜਾਇਆ ਤੇ ਤੁਰ ਗਿਆ | ਉਸ ਰਾਤ ਉਹ ਮੇਰੇ ਸ਼ਹਿਰਵਿਚ ਹੀ ਸੀ | ਉਸਦੇ ਮੇਜ਼ਬਾਨ ਨੇ ਮੈਨੂੰ ਕਈ ਸਾਲਾਂ ਬਾਅਦ ਦੱਸਿਆ ਕਿ ਉਸ ਦਿਨ ਉਹ ਬਹਤ ਰੋਇਆ ਤੇ ਇਕ ਨਜ਼ਮ ' ਇਕ ਸ਼ਹਿਰ ਦੇ ਨਾਂ ' ਲਿਖੀ ਜਿਸ ਵਿਚ ਉਸਨੇ ਲਿਖਿਆ -"ਅੱਜ ਅਸੀਂ ਤੇਰੇ ਸ਼ਹਿਰ ਦੀ ਜੂਹ ਵਿਚ ਮੁਰਦਾ ਦਿਲ ਇਕਦੱਬਣ ਆਏ | " ਉਸ ਤੋਂ ਬਾਅਦ ਉਹ ਮੋਗੇ ਸ਼ਹਿਰ ਨਹੀਂ ਗਿਆ |ਫੇਰ ਉਹ ਇਕ ਦਿਨ ਸਾਨੂੰ ਸੰਗਰੂਰ ਮਿਲਣ ਆਇਆ | ਮੇਰੇ ਪਤੀ ਸ਼ਾਮ ਨੂੰ ਉਸਨੂੰ ਕਹਿਣ ਲੱਗੇ , " ਸ਼ਿਵ , ਮੈਂ ਸ਼ਰਾਬ ਨਹੀਂ ਪੀਂਦਾ ਪਰ ਤੇਰੇ ਲਈ ਲਿਆ ਸਕਦਾ ਹਾਂ | ਕੇਹੜੀ ਚੱਲਗੀ ? " ਸ਼ਿਵ ਨੇ ਇਕਦਮ ਗੱਲ ਟੋਕਦਿਆਂ ਕਿਹਾ , " ਸ਼ਿਵ ਸ਼ਰੀਫ਼ ਵੀ ਹੁੰਦੈ | ਤੂੰ ਮੈਂਨੂੰ ਫਗਵਾੜੇ ਵਾਲਾ ਸ਼ਿਵ ਨਾ ਸਮਝ | ਪਰਮ ਦੂਜੀਆਂ ਕੁੜੀਆਂਵਰਗੀ ਨਹੀਂ | ਇਹ ਮੇਰੀ ਮਾਂ ਵੀ ਏ , ਧੀ ਵੀ ਏ , ਦੋਸਤ ਵੀ ਤੇ ਮਹਿਰਮ ਵੀ | " ਇਹ ਕਹਿਕੇ ਉਸਨੇ ਚੁੱਪ ਵੱਟ ਲਈ ਤੇ ਮੈਂ ਰਸੋਈ ਵਿਚ ਖਾਣਾ ਬਣਾਉਣ ਵਿਚ ਰੁੱਝ ਗਈ |ਉਹਨਾਂ ਦਿਨਾਂ ਵਿਚ ਉਹ ਨਾਭੇ ਪੜਦਾ ਸੀ ਤੇ ਸੰਗਰੂਰ ਤੋਂ ਹੀ ਇਕ ਪਰੋਫ਼ੈਸਰ ਤਰਲੋਚਨ ਸਿੰਘ ਮਜੀਠੀਆ ਨਾਲ ਉਹਨਾਂ ਕੋਲ ਆਇਆ ਕਰਦਾ ਸੀ | ਤੇ ਫੇਰ ਉਹ ਸਾਨੂੰ ਮਿਲਣਆਉਂਦੇ ; ਸਾਡੇ ਕੋਲ ਛੱਡ ਜਾਂਦੇ | ਉਹ ਜਿੰਨੀ ਵਾਰ ਸੰਗਰੂਰ ਆਇਆ , ਸਾਡੇ ਕੋਲ ਹੀ ਠਹਿਰਦਾ | 1965 ਤਕ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ | ਇਸ ਦੌਰਾਨ ਉਹ ਬੰਬਈ ਫਿ਼ਲਮ ਇੰਡਸਟਰੀ ਵਿਚ ਚਲਾ ਗਿਆ ਤੇ ਉਸਨੇ ਇਕ-ਦੋ ਪੰਜਾਬੀ ਫਿ਼ਲਮਾਂ ਲਈ ਗੀਤ ਦਿੱਤੇ | ਉਸਨੂੰ ਰੁਝੇਵਾਂ ਮਿਲ ਗਿਆ | ਇਸ ਦੌਰਾਨ ਉਸਨੂੰ ਸਟੇਟ ਬੈਂਕ ਵਿਚ ਨੌਕਰੀ ਮਿਲ ਗਈ |ਉਸਨੂੰ ਆਪਣੀਆਂ ਰਚਨਾਵਾਂ ਲਈ ਭਾਸ਼ਾ ਵਿਭਾਗ ਤੇ ਸਾਹਿਤ ਅਕੈਡਮੀ ਪੁਰਸਕਾਰ ਮਿਲੇ |ਫੇਰ ! ਇਕ ਦਿਨ ਖ਼ਬਰ ਆਈ ਕਿ ਉਸਦਾ ਵਿਆਹ ਹੋ ਗਿਆ | ਉਹ ਉਸਦੇ ਭਟਕਦੇ ਮਨ ਲਈ ਬਹੁਤ ਜ਼ਰੂਰੀ ਸੀ | ਸਭ ਨੇ ਸੋਚਿਆ ਕਿ ਉਹ ਹੁਣ ਟਿਕ ਜਾਵੇਗਾ ਤੇ ' ਛੇਤੀ ਤੁਰ ਜਾਣਦੀ ' ਗੱਲ ਛੱਡ ਦੇਵੇਗਾ | ਜ਼ਿੰਦਗੀ ਮਿਹਰਬਾਨ ਸੀ | ਖ਼ੂਬਸੂਰਤ ਬੀਵੀ ਮਿਲੀ ਤੇ ਦੋ ਪਿਆਰੇ ਪਿਆਰੇ ਬੱਚੇ ਵੀ ਮਿਲ ਗਏ | ਪਰ ਇਹ ਸਭ ਕੁਝ ਵੀ ਉਸਨੂੰ ਰਿਝਾ ਨਾ ਸਕਿਆ | ਘਰ-ਗਰਹਿਸਥੀ ਦੀਆਂ ਜ਼ਿੰਮੇਵਾਰੀਆਂ ਉਸ ਦੇ ਬਿਰਹੋਂ ਦੇ ਸੇਕ ਨੂੰ ਮੱਠਿਆਂ ਨਾ ਕਰ ਸਕੇ | ਉਹ ਪੋਹਲੀ , ਭੱਖੜੇ ਤੇ ਕੰਡਿਆਲੀਆਂ ਥੋਹਰਾਂ ਦੇ ਗੀਤ ਗਾਉਂਦਾ, ਅੱਥਰੇ ਨਿਆਣੇ ਵਾਂਗ ਅੜੀਆਂ ਕਰਦਾ ਇਸ ਜਹਾਨਤੋਂ ਤੁਰ ਗਿਆ |ਕਿੰਨੇ ਹੰਝੂਆਂ ਦੇ ਦਰਿਆ ਵਗੇ | ਕਿੰਨੀਆਂ ਯਾਦਾਂ ਦੇਸੀਨਿਆਂ ਚੋਂ ਲਹੂ ਸਿੰਮੇ | ਕਿੰਨੇ ਮਨ ਅੰਬਰ ਪਿੱਟ ਪਿੱਟ ਨੀਲੇ ਹੋਏ | ਕਿੰਨੀਆਂ ਆਤਮਾਵਾਂ ਉਹਦੇ ਨਾਲ ਮਰਗਈਆਂ | ਉਸਦੇ ਮਰਨ ਤੋਂ ਬਾਅਦ ਬਥੇਰੇ ਸ਼ੋਕ ਸਮਾਗਮ ਹੋਏ ਪਰ ਮੈਂ ਕਿਸੇ ਸ਼ੋਕ ਸਮਾਗਮ ਵਿਚ ਸ਼ਰੀਕ ਨਹੀਂ ਹੋਈ | ਕਿਉਂਕਿ ਮੇਰਾ ਦੁੱਖ ਮੇਰਾ ਅਪਣਾ ਸੀ | ਇਸਨੂੰ ਮੈਂ ਕਿਸੇ ਨਾਲ ਵੰਡਾ ਨਹੀਂ ਸੀ ਸਕਦੀ | ਮਰਨ ਤੋਂ ਪਹਿਲਾਂ ਉਸ ਮੈਨੂੰ ਇਕ ਛੋਟਾ ਜਿਹਾ ਪੋਸਟ ਕਾਰਡ ਲਿਖਿਆ | " ਜ਼ਿੰਦਗੀ ਹੱਥਾਂ ਚੋਂ ਕਿਰ ਰਹੀ ਹੈ | ਚੰਦ ਦਿਨਾਂ ਦਾ ਮਹਿਮਾਨ ਹਾਂ | ਤੁਸੀਂ ਸਾਰੇ ਸੁਖੀ ਵਸੋ | ਇਹ ਮੇਰੀ ਦੁਆ ਹੈ | ਤੇਰਾ ਸ਼ਿਵ | "

”ਉਘੜ-ਦੁਘੜ ਲਿਖਾਈ ਉਸਦੀ ਬੀਮਾਰੀ ਦਾ ਸਬੂਤ ਸੀ | ਮੈਂ ਵਾਪਸੀ ਡਾਕ ਲਿਖਿਆ ਕਿ ਉਹ ਘਬਰਾਵੇ ...ਨਾ , ਅਸੀਂ ਜਲਦੀ ਹੀ ਉਸਦਾ ਪਤਾ ਲੈਣ ਆਵਾਂਗੇ | ਇਲਾਜ ਖੁਣੋਂ ਅਸੀਂ ਉਸਨੂੰ ਜਾਣ ਨਹੀਂ ਦੇਵਾਂਗੇ | ਪਰ ਹੋਣੀ ਨੂੰ ਇਹ ਮਨਜ਼ੂਰ ਨਹੀਂ ਸੀ | ਤੇ ਇਕ ਦਿਨ ਉਹ ਇਸ ਸੰਸਾਰ ਤੋਂ ਵਿਦਾ ਹੋ ਗਿਆ | ਇਕ ਦਿਨ ਇਕ ਅਖ਼ਬਾਰ ਦੀ ਖ਼ਬਰ ਨਾਲ ਮੇਰਾ ਮਨ ਵਲੂੰਧਰਿਆ ਗਿਆ | ਖ਼ਬਰ ਨਾਲ ਕੁਝ ਫ਼ੋਟੋਆਂਵੀ ਛਪੀਆਂ ਸਨ | ਉਸ ਦੀ ਪਤਨੀ ਨੂੰ ਚਿੱਟੀ ਚਾਦਰ ਦੇ ਕੇ ਸਟੇਜ ਤੇ ਖੜਾ ਕੀਤਾ ਗਿਆ ਤੇ ਲੋਕਾਂ ਨੇ ਸਟੇਜ ਤੇ ਪੈਸੇ ਸੁੱਟਣੇ ਸ਼ੁਰੂ ਕੀਤੇ ਹੋਏ ਸਨ | ਮੇਰਾ ਮਨ ਬਹੁਤ ਦੁਖੀ ਹੋਇਆ , ਮੈਂ ਬੜਾ ਰੋਈ | ਆਪਣੇ ਮਨ ਵਿਚ ਉਹਨਾਂ ਲੋਕਾਂ ਨੂੰ ਬਹੁਤ ਲਾਹਣਤਾਂ ਪਾਈਆਂ ਕਿ ਜੇ ਬਟਾਲੇ ਦੇ ਲੋਕ ਏਨੇ ਹੀ ਪੈਸੇ ਸਿੱਟਣ ਵਾਲੇ ਅਮੀਰ ਲੋਕ ਸਨ ਤਾਂ ਉਹ ਉਸਦਾ ਇਲਾਜ ਕਿਉਂ ਨਹੀਂ ਕਰਾ ਸਕੇ ?ਦੋ-ਤਿੰਨ ਮਹੀਨੇ ਬਾਅਦ ਜਦੋਂ ਉਸਦੀ ਪਤਨੀ ਨੂੰ ਪੰਜਾਬੀ ਯੂਨੀਵਰਸਿਟੀ , ਪਟਿਆਲੇ ਵਿਖੇ ਨੌਕਰੀ ਮਿਲ ਗਈ ਤਾਂ ਮੈਂ ਉਸ ਨੂੰ ਹੌਸਲੇ ਵਾਲਾ ਸ਼ੋਕ ਪੱਤਰ ਲਿਖਿਆ | ਜਵਾਬ ਵਿਚ ਉਸਨੇ ਮੈਂਨੂੰ ਮਿਲਣ ਦੀ ਇੱਛਾ ਜਤਾਈ | ਅਸੀਂ ਪਟਿਆਲੇ ਉਸਨੂੰ ਮਿਲਣ ਗਏ | ਮੈਂ ਪਹਿਲੀ ਵੇਰਾਂ ਉਸਨੂੰ ਮਿਲ ਰਹੀ ਸਾਂ | ਉਸਦੇ ਮੂੰਹ ਵੱਲ ਵੇਖਿਆ ਨਹੀਂ ਸੀ ਜਾਂਦਾ | ਉਸਨੂੰ ਦਿਲਾਸਾ ਦਿੰਦਿਆਂ ਮੈਂ ਉਪਰੋਕਤ ਘਟਨਾ ਦਾ ਜ਼ਿਕਰ ਕੀਤਾ ਤਾਂ ਉਸ ਕਿਹਾ ਕਿ ਉਸਨੂੰ ਤਾਂ ਕੋਈ ਹੋਸ਼ ਨਹੀਂ ਸੀ ਕਿ ਕੌਣ ਕੀ ਕਰ ਰਿਹਾ ਹੈ | ਕਰਨ-ਕਰਾਉਣ ਵਾਲੇ ਹੀ ਖਾ-ਪੀ ਗਏ | ਦੁਪਹਿਰ ਹੋ ਗਈ | ਉਹ ਖਾਣਾ ਤਿਆਰ ਕਰੀ ਬੈਠੀ ਸੀ| ਮੈਂ ਵੇਖ ਕੇ ਕਿਹਾ , ” ਤੂੰ ਏਨਾਂ ਕੁਝ ਕਿਉਂ ਬਣਾਇਆ? ਮੈਂ ਸ਼ਿਵ ਦਾ ਅਫ਼ਸੋਸ ਕਰਨ ਆਈ ਹਾਂ ਕਿ ਦਾਅਵਤ ਖਾਣ| ” ਉਸ ਕਿਹਾ , ” ਜੇ ਅੱਜ ਸ਼ਿਵ ਜਿਉਂਦਾ ਹੁੰਦਾ ਤਾਂ ਉਸਨੇ ਇਹ ਸਭ ਕੁਝ ਚਲਾ ਕੇ ਮਾਰਨਾ ਸੀ ਕਿ ਪਰਮ ਆਈ ਏ ਤੇ ਤੂੰ ਇਹ ਬਣਾਇਐ | ” ਕਹਿਕੇ ਉਸਨੇ ਅੱਖਾਂ ਭਰ ਲਈਆਂਤੇ ਮੈਂ ਡੱਸ ਡੱਸ ਕਰਕੇ ਰੋ ਪਈ | ਉਸ ਰਾਤ ਉਸਨੇ ਸਾਨੂੰ ਆਉਣ ਨਾ ਦਿਤਾ | ਕਿੰਨੀਆਂ ਗੱਲਾਂ ਅਸੀਂ ਕੀਤੀਆਂ | ਸ਼ਿਵ ਦੀ ਬੀਮਾਰੀ ਦੀਆਂ | ਅੰਤਲੇ ਸਮੇਂ ਦੀਆਂ |ਮੈਂ ਤਾਂ ਸੋਚਿਆ ਸੀ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਬਹੁਤ ਖੁਸ਼ ਹੋਵੇਗਾ | ਪਰ ਨਹੀਂ | ਉਸਨੂੰ ਕੁਝ ਵੀ ਚੰਗਾ ਨਹੀਂ ਸੀ ਲਗਦਾ | ਉਸਦੀ ਤਰੇਹ ਸੀ ਕਿ ਬੁਝਣ ਦਾ ਨਾਂ ਨਹੀਂ ਸੀ ਲੈਂਦੀ | ਉਸਦੀ ਭਟਕਣਾਸੀ ਕਿ ਜਿਸਦਾ ਕੋਈ ਅੰਤ ਨਹੀਂ ਸੀ | ਉਸਨੂੰ ਭਰ ਜੋਬਨ ਰੁੱਤੇ ਜਾਣ ਦਾ ਚਾਅ ਸੀ; ਉਹ ਤੁਰ ਗਿਆ | ਉਸਦੇ ਕਹਿਣ ਅਨੁਸਾਰ ” ਜੋਬਨ ਰੁੱਤੇ ਜੋ ਵੀ ਮਰਦਾ , ਫੁੱਲ ਬਣੇ ਜਾਂ ਤਾਰਾ | ” ਇਹ ਤਾਂ ਉਹੀ ਜਾਣਦਾ ਹੈ ਕਿ ਉਹ ਫੁੱਲ ਬਣਿਆ ਹੈ ਕਿ ਤਾਰਾ | ਪਰ ਉਸਦੀਆਂ ਯਾਦਾਂ ਦੇ ਫੁੱਲਾਂ ਵਿਚ ਅੱਜ ਵੀ ਮਹਿਕ , ਮਹਿਕ ਰਹੀ ਹੈ ਜੋ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ , ਇਹ ਮੇਰਾ ਵਿਸ਼ਵਾਸ ਹੈ –ਆਮੀਨ

Written By Paramjit Kaur Nijjar

No comments:

Post a Comment